
Metro ਦੀ ਸਵਾਰੀ ਕਿਵੇਂ ਕੀਤੀ ਜਾਵੇ
King County Metro ਵਿੱਚ ਤੁਹਾਡਾ ਸਵਾਗਤ ਹੈ! ਇਹ ਗਾਈਡ ਤੁਹਾਨੂੰ ਕਦਮ ਦਰ ਕਦਮ ਦਿਖਾਉਂਦੀ ਹੈ ਕਿ ਟ੍ਰਾਂਜ਼ਿਟ ਦੀ ਵਰਤੋਂ ਕਿਵੇਂ ਕਰਨੀ ਹੈ। ਨਾਲ ਹੀ, ਬੱਸ ਦੀ ਸਵਾਰੀ ਕਿਵੇਂ ਕਰਨੀ ਹੈ, ਇਸ ਬਾਰੇ ਨੁਕਤਿਆਂ ਵਾਸਤੇ ਸਾਡੀ ਹਿਦਾਇਤੀ ਵੀਡੀਓ ਦੇਖੋ । ਸਾਡੇ ਨਾਲ ਸਵਾਰੀ ਕਰਨ ਲਈ ਤੁਹਾਡਾ ਧੰਨਵਾਦ!
ਕਦਮ 1: ਆਪਣੀ ਯਾਤਰਾ ਦੀ ਯੋਜਨਾ ਬਣਾਓ
ਆਪਣੀ ਯਾਤਰਾ ਲਈ ਸਭ ਤੋਂ ਵਧੀਆ ਬੱਸ ਰੂਟ ਲੱਭੋ, ਅਤੇ ਇਹ ਪਤਾ ਕਰੋ ਕਿ ਬੱਸ ਵਿੱਚ ਚੜ੍ਹਨਾ ਅਤੇ ਉੱਤਰਨਾ ਕਿੱਥੇ ਹੈ।
tripplanner.kingcounty.gov ‘ਤੇ ਜਾਓ, ਫੇਰ ਆਪਣਾ ਸ਼ੁਰੂਆਤੀ ਪਤਾ ਅਤੇ ਤੁਸੀਂ ਜਿੱਥੇ ਜਾਣਾ ਚਾਹੋਂਗੇ, ਟਾਈਪ ਕਰੋ। ਕੋਈ ਸਮਾਂ ਅਤੇ ਕੋਈ ਤਾਰੀਖ਼ ਚੁਣੋ, ਅਤੇ ਤੁਹਾਡੀਆਂ ਆਵਾਜਾਈ ਚੋਣਾਂ ਦਿਖਾਈ ਦੇਣਗੀਆਂ।
ਜਾਂ ਮੈਟਰੋ ਗਾਹਕ ਸੇਵਾ ਨੂੰ ਇੱਥੇ ਕਾਲ ਕਰੋ 206-553-3000, ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 6 ਵਜੇ – ਸ਼ਾਮ 6 ਵਜੇ
ਜੇ ਤੁਹਾਨੂੰ ਕਿਸੇ ਦੁਭਾਸ਼ੀਏ ਦੀ ਲੋੜ ਹੈ, ਤਾਂ ਅਸੀਂ ਮਦਦ ਕਰ ਸਕਦੇ ਹਾਂ! ਤੁਹਾਡੀ ਭਾਸ਼ਾ ਬੋਲਣ ਵਾਲੇ ਕਿਸੇ ਵਿਅਕਤੀ ਨਾਲ ਕਨੈਕਟ ਕੀਤੇ ਜਾਣ ਲਈ 1 ਦਬਾਓ। ਸੁਣਨ ਤੋਂ ਅਸਮਰੱਥ ਰਾਈਡਰ 711 'ਤੇ WA ਰੀਲੇਅ ਨੂੰ ਡਾਇਲ ਕਰ ਸਕਦੇ ਹਨ।
ਕਦਮ 2: ਆਪਣੇ ਬੱਸ ਸਟਾਪ ਨੂੰ ਲੱਭੋ
ਸਾਰੀਆਂ ਬੱਸਾਂ ਦਾ ਰੂਟ ਨੰਬਰ ਜਾਂ ਅੱਖਰ ਹੁੰਦਾ ਹੈ। ਬੱਸ ਸਟਾਪਾਂ ਨੂੰ ਇੱਕ ਖੰਭੇ ਅਤੇ ਇੱਕ ਚਿੰਨ੍ਹ ਦੁਆਰਾ ਦਰਸਾਇਆ ਗਿਆ ਹੈ। ਇਹ ਚਿੰਨ੍ਹ ਉਹਨਾਂ ਸਾਰੇ ਬੱਸ ਰੂਟਾਂ ਦੀ ਸੂਚੀ ਦੇਵੇਗਾ ਜੋ ਉੱਥੇ ਰੁਕਦੇ ਹਨ। ਇਹ ਯਕੀਨੀ ਬਣਾਓ ਕਿ ਜਿਸ ਰਸਤੇ 'ਤੇ ਤੁਸੀਂ ਸਵਾਰੀ ਕਰਨੀ ਚਾਹੁੰਦੇ ਹੋ, ਉਹ ਸੂਚੀ ਵਿੱਚ ਮੌਜੂਦ ਹੋਵੇ।
ਕੁਝ ਬੱਸ ਸਟਾਪਾਂ 'ਤੇ ਉਡੀਕ ਕਰਨ ਦੌਰਾਨ ਵਰਤਣ ਲਈ ਸ਼ੈਲਟਰ ਅਤੇ ਬੈਂਚ ਮੌਜੂਦ ਹੁੰਦੇ ਹਨ।
ਜਦੋਂ ਕੋਈ ਬੱਸ ਤੁਹਾਡੇ ਸਟਾਪ 'ਤੇ ਆਉਂਦੀ ਹੈ, ਤਾਂ ਬੱਸ ਦੇ ਅਗਲੇ ਪਾਸੇ ਜਾਂ ਬੱਸ ਦੀ ਸਾਈਡ ’ਤੇ ਆਪਣੇ ਰੂਟ ਦੀ ਭਾਲ ਕਰੋ।
ਜੇ ਤੁਹਾਡੇ ਕੋਈ ਸਵਾਲ ਹਨ, ਤਾਂ ਤੁਹਾਡਾ ਡਰਾਈਵਰ ਮਦਦ ਕਰ ਸਕਦਾ ਹੈ।
ਜੇ ਲੋੜ ਪੈਂਦੀ ਹੈ, ਤਾਂ ਕਿਸੇ ਦੋਸਤ ਜਾਂ ਪਰਿਵਾਰਕ ਮੈਂਬਰ ਨੂੰ ਇੱਕ ਕਾਗਜ਼ ਦੇ ਟੁਕੜੇ 'ਤੇ ਆਪਣਾ ਰੂਟ ਨੰਬਰ ਅਤੇ ਦਿਸ਼ਾ-ਨਿਰਦੇਸ਼ ਲਿਖਣ ਲਈ ਕਹੋ। ਜਦੋਂ ਤੁਸੀਂ ਬੱਸ ਵਿੱਚ ਦਾਖਲ ਹੁੰਦੇ ਹੋ ਜਾਂ ਬਾਹਰ ਨਿਕਲਦੇ ਹੋ ਤਾਂ ਤੁਸੀਂ ਇਹ ਡਰਾਈਵਰ ਨੂੰ ਦਿਖਾ ਸਕਦੇ ਹੋ।
ਕਦਮ 3: ਬੱਸ ਵਿੱਚ ਦਾਖਲ ਹੋਵੋ ਅਤੇ ਭੁਗਤਾਨ ਕਰੋ
ਆਪਣੀ ਯਾਤਰਾ ਵਾਸਤੇ ਭੁਗਤਾਨ ਕਰਨ ਲਈ ਇਹਨਾਂ ਤਰੀਕਿਆਂ ਵਿੱਚੋਂ ਕਿਸੇ ਇੱਕ ਦੀ ਚੋਣ ਕਰੋ।
A
ORCA ਕਾਰਡ ਦੇ ਨਾਲ ਟੈਪ ਕਰੋ – ਸਭ ਤੋਂ ਆਸਾਨ ਅਤੇ ਵਧੀਆ।
B
ਕਿਰਾਇਆ ਬਾਕਸ ਵਿੱਚ ਬੱਸ ਦੀ ਟਿਕਟ ਪਾਓ।
C
ਆਪਣੇ ਫ਼ੋਨ ਦੀ ਐਪ ’ਤੇ ਇੱਕ Transit GO ਟਿਕਟ ਖਰੀਦੋ ਅਤੇ ਡਰਾਈਵਰ ਨੂੰ ਦਿਖਾਓ।
D
ਨਕਦੀ ਜਾਂ ਸਿੱਕਿਆਂ ਦੀ ਸਹੀ ਮਾਤਰਾ ਦਾਖਲ ਕਰੋ। ਡਰਾਈਵਰ ਤੁਹਾਨੂੰ ਬਕਾਇਆ ਨਹੀਂ ਦੇ ਸਕਦੇ। ਨਕਦੀ ਜਾਂ ਬੱਸ ਦੀ ਟਿਕਟ ਦੇ ਨਾਲ ਭੁਗਤਾਨ ਕਰਦੇ ਸਮੇਂ, ਆਪਣੇ ਡਰਾਈਵਰ ਨੂੰ ਦੋ ਘੰਟਿਆਂ ਦੇ ਅੰਦਰ ਕਿਸੇ ਹੋਰ ਬੱਸ ਵਿੱਚ ਚੜ੍ਹਨ ਵੇਲੇ ਵਰਤੇ ਜਾਣ ਲਈ ਪੇਪਰ ਟ੍ਰਾਂਸਫ਼ਰ ਲਈ ਕਹੋ।
ਤੁਹਾਡੇ ਲਈ ਕਿਹੜਾ ਕਿਰਾਇਆ ਸਹੀ ਹੈ?
ਤੁਹਾਡੇ ਵਾਸਤੇ ਕਿਰਾਏ ਅਤੇ ਭੁਗਤਾਨ ਦੇ ਸਭ ਤੋਂ ਵਧੀਆ ਵਿਕਲਪ ਨੂੰ ਲੱਭਣ ਲਈ, ਦੇਖੋ kingcounty.gov/WhichOrcaFare
ਬਾਈਕ ਅਤੇ ਟਰਾਂਜ਼ਿਟ
ਹਰੇਕ ਮੈਟਰੋ ਬੱਸ ਆਪਣੇ ਫਰੰਟ ਰੈਕ 'ਤੇ ਤਿੰਨ ਬਾਈਕਾਂ ਨੂੰ ਲੈ ਕੇ ਜਾ ਸਕਦੀ ਹੈ। ਜਦੋਂ ਤੁਸੀਂ ਕਿਸੇ ਟਰਾਂਜ਼ਿਟ ਸਟਾਪ 'ਤੇ ਆਪਣੀ ਬਾਈਕ ਨੂੰ ਲੋਡ ਅਤੇ ਅਨਲੋਡ ਕਰਨਾ ਚਾਹੁੰਦੇ ਹੋ ਤਾਂ ਆਪਣੇ ਡਰਾਈਵਰ ਨੂੰ ਸੁਚੇਤ ਕਰੋ।
ਪਹੁੰਚਯੋਗਤਾ
ਸਾਰੀਆਂ ਬੱਸਾਂ ਵਿੱਚ ਰੈਂਪ ਹੁੰਦੇ ਹਨ। ਜੇ ਤੁਹਾਡੇ ਕੋਲ ਵੀਲ੍ਹਚੇਅਰ ਜਾਂ ਸਟਰੌਲਰ ਹੈ, ਜਾਂ ਜੇ ਬੱਸ ਵਿੱਚ ਚੜ੍ਹਨ ਲਈ ਤੁਹਾਨੂੰ ਵਾਧੂ ਮਦਦ ਦੀ ਲੋੜ ਹੈ, ਤਾਂ ਡਰਾਈਵਰ ਨੂੰ ਰੈਂਪ ਬਾਰੇ ਪੁੱਛੋ।
ਡਰਾਈਵਰ ਦੇ ਠੀਕ ਪਿੱਛੇ ਦੀਆਂ ਸੀਟਾਂ ਅਪੰਗਤਾਵਾਂ ਵਾਲੇ ਲੋਕਾਂ, ਬਜ਼ੁਰਗ ਸਵਾਰੀਆਂ, ਜਾਂ ਛੋਟੇ ਬੱਚਿਆਂ ਵਾਲੇ ਮਾਪਿਆਂ ਲਈ ਰਾਖਵੀਆਂ ਹਨ। ਸਟਰੌਲਰ ਅਤੇ ਵੀਲ੍ਹਚੇਅਰ ਵਰਗੀਆਂ ਚੀਜ਼ਾਂ ਨੂੰ ਸੁਰੱਖਿਅਤ ਕਰਨ ਲਈ ਸੁਰੱਖਿਆ ਸਟਰੈਪ ਦੀ ਵਰਤੋਂ ਕਰੋ।
ਕਦਮ 4: ਰੁਕਣ ਦੀ ਬੇਨਤੀ ਕਰੋ ਅਤੇ ਉੱਤਰੋ
A
ਤੁਹਾਡੇ ਸਟਾਪ ਦੀ ਘੋਸ਼ਣਾ ਕੀਤੇ ਜਾਣ ਲਈ ਦੇਖੋ ਅਤੇ ਸੁਣੋ। ਜਦੋਂ ਤੁਹਾਡਾ ਸਟਾਪ ਅਗਲਾ ਹੋਵੇ, ਤਾਂ ਪੀਲੀ ਰੱਸੀ ਨੂੰ ਖਿੱਚੋ ਜਾਂ ਲਾਲ ਰੰਗ ਦੇ “STOP” ਬਟਨ ਨੂੰ ਦਬਾਓ।
B
“STOP REQUESTED” ਚਿੰਨ੍ਹ ਚਮਕੇਗਾ ਅਤੇ ਇੱਕ ਘੰਟੀ ਵੱਜੇਗੀ। ਕਿਸੇ ਸਾਈਡ ਵਾਲੇ ਜਾਂ ਪਿਛਲੇ ਦਰਵਾਜ਼ੇ ਰਾਹੀਂ ਬਾਹਰ ਨਿਕਲੋ ਜਦੋਂ ਤੱਕ ਕਿ ਤੁਹਾਨੂੰ ਅਗਲੇ ਦਰਵਾਜ਼ੇ ਦੇ ਰੈਂਪ ਦੀ ਲੋੜ ਨਾ ਹੋਵੇ।